Tuesday, April 19, 2011

ਪੰਜਾਬੀਅਤ ਦਾ ਸ਼ੈਦਾਈ -ਚਮਕੌਰ ਸੇਖੋਂ ਭੋਤਨਾ


ਵਤਨੋਂ ਦੂਰ ਬੈਠੇ ਪੰਜਾਬੀਆਂ ਦੇ ਪੰਜਾਬੀ ਸੱਭਿਆਚਾਰ, ਸਾਹਿਤ ਕਲਾ ਖੇਡਾਂ ਅਤੇ ਬਹੁਪੱਖੀ ਵਿਕਾਸ ਵਿਚ ਪਾਏ ਯੋਗਦਾਨ ਨੂੰ ਕਦੇ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਇਕ ਪਾਸੇ ਸਾਡੀਆਂ ਸਰਕਾਰਾਂ, ਵੋਟਾਂ ਦੇ ਵਪਾਰੀ ਕਾਗਜ਼ੀ ਬਿਆਨਾਂ ਰਾਹੀਂ ਵਿਕਾਸ ਦੇ ਮਹੱਲ ਉਸਾਰਦੇ ਹਨ, ਦੂਜੇ ਪਾਸੇ ਇਹ ਸਾਡੇ ਪਰਵਾਸੀ ਵੀਰ ਹਨ ਜੋ ਕਲਾ ਦੇ ਖੇਤਰ ਸਮੇਤ ਸਾਰੇ ਖੇਤਰਾਂ ’ਚ ਬਣਦਾ ਯੋਗਦਾਨ ਪਾ ਕੇ ਵੀ ਕਦੇ ਜਤਾਉਂਦੇ ਨਹੀਂ ਸਗੋਂ ਇਸ ਨੂੰ ਕਰਜ਼ੇ ਦੀ ਕਿਸ਼ਤ ਲਾਹੁਣ ਵਾਂਗ ਹੀ ਸਮਝਦੇ ਹਨ। ਪੰਜਾਬੀ ਸੱਭਿਆਚਾਰ ਵਿਚ ਦਿਨੋ ਦਿਨ ਆ ਰਹੇ ਨਿਘਾਰ ਤੋਂ ਚਿੰਤਤ ਪਰਵਾਸੀ ਲੇਖਕ ਤੇ ਅੰਤਰਰਾਸ਼ਟਰੀ ਸਾਰੰਗੀ ਵਾਦਕ ਚਮਕੌਰ ਸਿੰਘ ਸੇਖੋਂ ਭੋਤਨਾ (ਬਰਨਾਲਾ) ਨੇ ‘‘ਠੰਢੀਆਂ ਛਾਵਾਂ’’ ਦੇ ਰੂਪ ’ਚ ਆਡੀਓ ਵੀਡੀਓ ਐਲਬਮ ਨਾਲ ਸਾਡੇ ਮਾਣਮੱਤੇ ਇਤਿਹਾਸ ਨੂੰ ਦੁਹਰਾਇਆ ਹੀ ਨਹੀਂ ਸਗੋਂ ਮਮਤਾ ਦੀ ਮੂਰਤ ਦੀਨ ਦੁਖੀਆਂ ਦੀ ਸੇਵਾ ਸੰਭਾਲ ਦਾ ਚਿੰਨ੍ਹ ਬਣ ਚੁੱਕੀ ਮਾਂ ਮਦਰ ਟੈਰੇਸਾ ਨੂੰ ਸ਼ਰਧਾਂਜਲੀ ਵੀ ਅਰਪਿਤ ਕੀਤੀ ਹੈ।
‘‘ਠੰਢੀਆਂ ਛਾਵਾਂ’’ ਆਡੀਓ ਵੀਡੀਓ ਐਲਬਮ ਬਾਰੇ ਚਮਕੌਰ ਸੇਖੋਂ ਦੱਸਦੇ ਹਨ ਕਿ ਉਨ੍ਹਾਂ ਨੇ ਉੱਘੇ ਸੰਗੀਤਕਾਰ ਰਣਜੀਤ ਸਿੰਘ ਗਿੱਲ ਦੀ ਪ੍ਰੇਰਣਾ ਸਦਕਾ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਇਸ ਤਰ੍ਹਾਂ ਦੇ ਪਰਿਵਾਰਕ, ਧਾਰਮਿਕ ਤੇ ਇਤਿਹਾਸਕ ਗੀਤ ਕਥਾਵਾਂ ਵੀ ਲੋਕ ਪਿਆਰ ਨਾਲ ਸੁਣਦੇ ਤੇ ਮਾਣਦੇ ਹਨ। ਅਜੋਕੀ ਗਾਇਕੀ ਬਾਰੇ ਉਨ੍ਹਾਂ ਦਾ ਮੰਨਣਾ ਹੈ ਕਿ ਗਾਇਕ ਜਾਂ ਗੀਤਕਾਰ ਨੂੰ ਆਪਣੀ ਟੇਪ ਜਾਂ ਗੀਤ ਚੱਲਣ ਤੱਕ ਹੀ ਮਤਲਬ ਹੁੰਦਾ ਹੈ, ਇਸ ਦੇ ਸਮਾਜ ਵਿਚ ਪੈਣ ਵਾਲੇ ਮਾਰੂ ਪ੍ਰਭਾਵ ਦਾ ਕੋਈ ਫਿਕਰ ਨਹੀਂ। ਅੱਜ ਕੱਲ੍ਹ ਨਵੀਂ ਪੀੜ੍ਹੀ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਉਹ ਆਪ ਪੁਰਾਣੇ ਢਾਡੀ ਜਾਂ ਗਵੱਈਏ ਹੋਣ ਕਾਰਨ ਆਪਣੀ ਬਣਦੀ ਜ਼ਿੰਮੇਵਾਰੀ, ਸੱਭਿਆਚਾਰ, ਮਾਂ ਬੋਲੀ ਦੀ ਸੇਵਾ ਅਤੇ ਮਹਾਨ ਨਾਇਕਾਂ ਨੂੰ ਸਿਜਦਾ ਕਰਨ ਹਿੱਤ ਇਹ ਪ੍ਰਾਜੈਕਟ ਲੈ ਕੇ ਆਏ ਹਨ। ਐਲਬਮ ਦੇ ਪਹਿਲੇ ਗੀਤ ‘‘ਦੇਸ਼ ਆਪਣੇ ਤੋਂ ਜਿੰਦ ਜਾਨ ਵਾਰੀਏ, ਦੋ ਜਹਾਨ ਵਾਰੀਏ’’ ਅਤੇ ‘‘ਤੇਰਾ ਲੁੱਟ ਲਿਆ ਦੇਸ਼ ਪੰਜਾਬ, ਕੌਮੇ ਬੇਖਬਰੇ’’ ਰਾਹੀਂ ਸੱਚਮੁਚ ਹੀ ਸੇਖੋਂ ਨੇ ਦੇਸ਼ ਭਗਤੀ ਅਤੇ ਕੌਮ ਨੂੰ ਸਚੇਤ ਕਰਨ ਦੀ ਜ਼ਿੰਮੇਵਾਰੀ ਦੀ ਗੱਲ ਕੀਤੀ ਹੈ। ਇਸੇ ਤਰ੍ਹਾਂ ਅਗਲੇ ਗੀਤਾਂ ‘‘ਕਿਹੜਾ ਭੋਰਿਓਂ ਨਿਕਲਦੇ ਦੇ ਮੱਥੇ ਸਾਹਮਣੇ ਲੱਗਿਆ, ਨਿਮਾਣਾ ਪੁੱਤ ਪੂਰਨਾ’’ ਤੇ ‘‘ਭੱਜ ਦਾਨਾਬਾਦ ਚੱਲੀਏ, ਮਿਰਜ਼ਿਆ ਚੜ੍ਹੀਆਂ ਆਉਂਦੀਆਂ ਡਾਰਾਂ’’ ਰਾਹੀਂ ਸਾਡੀਆਂ ਲੋਕ ਕਥਾਵਾਂ ਨੂੰ ਨਵੀਂ ਦਿਸ਼ਾ ਨਾਲ ਪੇਸ਼ ਕੀਤਾ ਹੈ। ‘‘ਮਾਪੇ ਸਿਰ ’ਤੇ ਨੀਂ ਭਾਈ ਵੇ ਗਰੀਬ ਹੈ, ਤੂੰ ਇਸੇ ਗੱਲੋਂ ਤੰਗ ਕਰਦਾ’’ ਅਤੇ ਬੋਲੀਆਂ (ਲੋਕ ਤੱਥ) ਰਾਹੀਂ ਜ਼ਿੰਦਗੀ ਦੀਆਂ ਕੌੜੀਆਂ ਸਚਾਈਆਂ ਤੋਂ ਜਾਣੂ ਕਰਵਾਇਆ ਗਿਆ ਹੈ। ਸੱਤ ਸਮੁੰਦਰੋਂ ਪਾਰ ਕੈਨੇਡਾ ਦੀ ਵੈਨਕੂਵਰ ਸਟੇਟ ਦੇ ਮਿੰਨੀ ਪੰਜਾਬ ਵਜੋਂ ਜਾਣੇ ਜਾਂਦੇ ਸਰੀ ਦੇ ਸ਼ਹਿਰ ਐਬਟਸਫੋਰਡ ’ਚ ਪੱਕੇ ਤੌਰ ’ਤੇ ਰਹਿ ਰਹੇ ਇਸ ਅੰਤਰਰਾਸ਼ਟਰੀ ਢਾਡੀ ਦੀ ਇਸ ਐਲਬਮ ਵਿਚ ਬਲਵੰਤ ਸਿੰਘ ਰਾਮੂਵਾਲੀਆ ਦੀ ਆਵਾਜ਼ ’ਚ ਕੀਤੀ ਕੁਮੈਂਟਰੀ ਨੇ ਸੋਨੇ ’ਤੇ ਸੁਹਾਗੇ ਦਾ ਕੰਮ ਕਰ ਵਿਖਾਇਆ ਹੈ।