ਸਰਗਰਮੀਆਂ..


ਕਿਸਾਨ ਸਵਰਾਜ ਯਾਤਰਾ ਪਿੰਡ ਭੋਤਨਾ ਪੁੱਜੀ
¸2 ਅਕਤੂਬਰ ਨੂੰ ਸਾਬਰਮਤੀ ਗੁਜਰਾਤ ਤੋਂ ਸ਼ੁਰੂ ਹੋਈ ਕਿਸਾਨ ਸਵਰਾਜ ਯਾਤਰਾ ਅੱਜ ਸਵੇਰੇ ਬਲਾਕ ਸ਼ਹਿਣਾ ਦੇ ਪਿੰਡ ਭੋਤਨਾ ਵਿਖੇ ਪੁੱਜੀ। ਯਾਤਰਾ ਦਾ ਪਿੰਡਾਂ ਦੇ ਸੈਂਕੜੇ ਕਿਸਾਨਾਂ ਨੇ ਸਵਾਗਤ ਕੀਤਾ। ਕਿਸਾਨਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਖੇਤੀ ਵਿਰਾਸਤ ਮਿਸ਼ਨ ਦੇ ਸੀਨੀਅਰ ਆਗੂਆਂ ਓਮੇਂਦਰ ਦੱਤ, ਗੁਰਪ੍ਰੀਤ ਸਿੰਘ ਅਤੇ ਬੀਬੀ ਅਮਨ ਨੇ ਕਿਹਾ ਕਿ ਹਰੇਕ ਕਿਸਾਨ ਦਾ ਫਰਜ਼ ਬਣਦਾ ਹੈ ਕਿ ਕਿਸਾਨੀ, ਕੁਦਰਤ ਅਤੇ ਰੋਟੀ ਨੂੰ ਬਚਾਉਣ ਲਈ ਸ਼ੁਰੂ ਹੋ ਚੁੱਕੀ ਆਜ਼ਾਦੀ ਦੀ ਤੀਜੀ ਲੜਾਈ ‘ਚ ਆਪਣਾ ਬਣਦਾ ਹਿੱਸਾ ਪਾਉਣ। ਓਮੇਂਦਰ ਦੱਤ ਨੇ ਕਿਹਾ ਕਿ ਪੰਜਾਬ ਵਿਚ, ਦੇਸ਼ ਵਿਚ ਕਿਰਸਾਨੀ ਦੀ ਏਨੀ ਦੁਰਦਸ਼ਾ ਹੋਈ ਹੈ ਕਿ ਦੋ ਲੱਖ ਦੇ ਕਰੀਬ ਕਿਸਾਨ ਖੇਤੀ ਛੱਡਣ ਲਈ ਮਜਬੂਰ ਹੋਏ ਹਨ। ਕਰਜ਼ਾ, ਬਰਬਾਦੀ, ਜ਼ਿੱਲਤ ਅਤੇ ਮੌਤ ਸਿਰਫ ਅੰਨਦਾਤੇ ਕਿਸਾਨ ਦੇ ਹੀ ਹਿੱਸੇ ਕਿਉਂ ਆਈ ਹੈ। ਕਿਸਾਨ ਸਵਰਾਜ ਯਾਤਰਾ ਦਾ ਮਕਸਦ ਕਿਸਾਨਾਂ ਨੂੰ ਉਨ੍ਹਾਂ ਦੇ ਹਿਤਾਂ ਲਈ ਜਗਾਉਣਾ ਹੈ। ਇਸ ਮੌਕੇ ਸੁਨੀਲ ਕੇਰਲਾ, ਕਵਿਤਾ ਭੈਣ ਆਧਰਾ ਪ੍ਰਦੇਸ਼, ਮਹਾਂਰਾਸ਼ਟਰ ਤੋਂ ਪੰਕਜ ਬਾਈ ਸਮੇਤ ਹੋਰਨਾਂ ਸੂਬਿਆਂ ਤੋਂ ਵੀ ਕਿਸਾਨ ਪੁੱਜੇ ਸਨ। ਇਸ ਮੌਕੇ ਨਿਰਮਲ ਸਿੰਘ ਭੋਤਨਾ, ਹਰਭਜਨ ਸਿੰਘ ਭੋਤਨਾ, ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲਾ ਪ੍ਰਧਾਨ ਦਰਸ਼ਨ ਸਿੰਘ ਉਗੋਕੇ, ਬੁੱਕਣ ਸਿੰਘ ਸੱਦੋਵਾਲ, ਹਰਦੀਪ ਸਿੰਘ ਟੱਲੇਵਾਲ, ਜੀਤ ਸਿੰਘ ਪ੍ਰਧਾਨ ਸਪੋਰਟਸ ਕਲੱਬ, ਸੁਖਦੇਵ ਸਿੰਘ ਭਾਰਤੀ ਕਿਸਾਨ ਯੂਨੀਅਨ, ਮਾਸਟਰ ਜਸਵੰਤ ਸਿੰਘ, ਭਗਵੰਤ ਸਿੰਘ, ਹਰਜੀਤ ਸਿੰਘ, ਭੋਲਾ ਸਿੰਘ, ਬਿੰਦਰ ਸਿੰਘ, ਕਾਮਰੇਡ ਜਗਤ ਸਿੰਘ ਰਾਮਗੜ੍ਹ, ਜੰਗੀਰ ਸਿੰਘ ਕੋਆਰਡੀਨੇਟਰ ਕੌਰ ਸਿੰਘ ਸਿੱਧੂ ਆਦਿ ਕਿਸਾਨ ਆਗੂ ਹਾਜ਼ਰ ਸਨ।