ਪਿੰਡ ਦਾ ਇਤਿਹਾਸ


ਦੇਸ਼ ਦੀ ਅਜਾਦੀ ਤੋ ਪਹਿਲ਼ਾਂ ਇਸ ਪਿੰਡ ਦਾ ਜਿਲਾ ਲੁਧਿਆਣਾ ਸੀ ,ਜਦ ਕਿ ਆਲੇ ਦੁਆਲੇ ਦੇ ਪਿੰਡ ਰਿਆਸਤ ਪਟਿਆਲਾ ਦੇ ਸਨ।ਇਸ ਪਿੰਡ ਦਾ ਥਾਣਾ ਸਹਿਣਾ ਸੀ, ਥਾਣਾ ਸਹਿਣਾ ਦੇ ਸਾਰੇ ਪਿੰਡ ਅੰਗਰੇਜੀ ਰਾਜ ਦੇ ਪਿੰਡ ਸਨ।ਅਜਾਦੀ ਤੋ ਬਾਅਦ 1950 ਵਿਚ ਇਹ ਪੈਪਸੂ ਦੇ ਜਿਲੇ ਸੰਗਰੂਰ ਦਾ ਪਿੰਡ ਬਣ ਗਿਆ।1909 ਦੇ ਬੰਦੋਬਸਤ ਮਤਾਬਕ ਇਹ ਪਿੰਡ ਮਲੌਦ ਦੇ ਭਗਵੰਤ ਸਿੰਘ ਪੁੱਤਰ ਬਲਵੰਤ ਸਿੰਘ ਰਾਈਸ ਦੀ ਜਗੀਰ ਦਾ ਪਿੰਡ ਸੀ, ਜੋ ਉਸ ਨੂੰ ਹਮੇਸ਼ਾ ਵਾਸਤੇ ਮਿਲੀ ਹੋਈ ਸੀ। ਉਸ ਸਮੇ ਪਿੰਡ ਦਾ ਮਾਲੀਆ 1455 ਰੁ. 15 ਆਨੇ ਸੀ , ਜਿਸ ਵਿਚੋਂ 1167 ਰੁ. ਭਗਵੰਤ ਸਿੰਘ ਨੂੰ ਜਾਦੇਂ ਸਨ, 108 ਰੁ. 6 ਆਨੇ ਨੰਬਰਦਾਰਾਂ ਨੂੰ ਅਤੇ 180 ਰੁ. 9 ਆਨੇ ਸਰਕਾਰੀ ਖ਼ਜਾਨੇ ਵਿਚ ਜਾਦੇਂ ਸਨ। ਉਪਰੋਕਤ ਬੰਦੋਬਸਤ ਮਤਾਬਕ ਇਸ ਪਿੰਡ ਦਾ ਕੁਲ ਰਕਬਾ 4062 ਏਕੜ ਹੈ। ਪਿੰਡ ਦੀ ਵਸੋਂ ਲਈ ਲਾਲ ਲਕੀਰ ਤੋਂ ਅੰਦਰਲਾ ਰਕਬਾ 49 ਵਿਘੇ 14 ਵਿਸਵੇ 12 ਵਿਸਵਾਸੀ ਹੈ। ਇਹ ਪਿੰਡ 6 ਪੱਤੀਆਂ ਵਿਚ ਵੰਡਿਆ ਹੋਇਆ ਹੈ ।ਜਿਸ ਵਿਚ ਭਰਾਜ, ਥਰਾਜ, ਲਾਲ ਚੰਦ, ਮੇਹਰਾ, ਜੈਦ ਅਤੇ ਧਾਲੀਵਾਲ। 1984 ਵਿਚ ਸਰਪੰਚ ਹਰਭਜਨ ਸਿੰਘ ਨੇ ਉਦਮ ਕਰਕੇ , ਇਲਾਕੇ ਦੀਆਂ ਪਂੰਚਾਇਤਾਂ ਨੂੰ ਨਾਲ ਲੈ ਕੇ ਪਿੰਡ ਦੇ ਹਿੰਦੂ ਵੀਰ ਜੋ ਪਿੰਡ ਤੋਂ ਚਲੇ ਗਏ ਸਨ , ਨੂੰ ਵਾਪਸ ਲਿਆਉਣ ਲਈ ਕਾਨਫਰੰਸ ਕੀਤੀ ,ਜਿਸ ਕਰਕੇ ਬਰਨਾਲੇ ਵਸੇ ਹਿੰਦੂ ਵੀਰ ਪਿੰਡ ਵਾਪਸ ਆਏ । ਇਸ ਉਦਮ ਦੀ ਚਰਚਾ ਸਾਰੇ ਅਖਬਾਰਾਂ ਤੋਂ ਬਿਨਾ ਜਲੰਧਰ ਦੂਰਦਰਸ਼ਨ ਨੇ ਪਿੰਡ ਭੋਤਨਾ ਤੋਂ ਇੰਟਰਵਿਊ ਰਿਕਾਰਡ ਕਰਕੇ 17 ਮਾਰਚ 1984 ਨੂੰ ਦੂਰਦਰਸ਼ਨ ਉਪਰ ਵਿਖਾਈ ।ਇਸ ਕਾਨਫਰੰਸ ਦੀ ਖ਼ਬਰ ਨੂੰ ਪੰਜਾਬੀ ਟ੍ਰਬਿਊਨ ਨੇ ਆਪਣੇ ਮੁੱਖ ਪੰਨੇ ਤੇ ‘ ਭਾਈਆਂ ਬਾਝ ਨਾ ਮਜਲਸਾਂ ਸੋਂਹਦੀਆਂ ਨੇ’ ਦੀ ਸੁਰਖੀ ਹੇਠ ਛਾਪਿਆ ਸੀ।
ਇਸ ਪਿੰਡ ਦਾ ਸਬੰਧ ਕਿਵੋਂ ਨਾ ਕਿਵੋਂ ਲੁਧਿਆਣੋ ਜਿਲੋ ਦੋ ਪਿੰਡ ਕਾਉਕੋਂ ਨਾਲ ਵੀ ਮਿਲਦਾ ਹੈ। ਕਾਉਕੋਂ ਪਿੰਡ ਦੀ ਇਕ ਪੱਤੀ ਦਾ ਨਾਂ ਭੋਤਨਾ ਪੱਤੀ ਹੈ , ਜਿਸ ਦਾ ਗੋਤ ਵੀ ਇਸ ਪਿੰਡ ਦੇ ਮੁੱਖ ਗੋਤ ਨਾਲ ਮਿਲਦਾ ਹੈ । ਦੂਸਰਾ ਜੈਦ ਪੱਤੀਆਂ ਵੀ ਦੋਵਾਂ ਪਿੰਡਾਂ ਵਿੱਚ ਮਿਲਦੀਆਂ ਹਨ ਅਤੇ ਇਹਨਾਂ ਦੇ ਗੋਤ ਵੀ ।ਬੈਰਾਗੀ ਸਾਧਾਂ ਦੇ ਡੇਰੇ ਦਾ ਸਭ ਤੋਂ ਪਹਿਲਾ ਮਾਲਕ ਦਸਾ ਰਾਮ ਹੋਇਆ ਹੈ । ਦਸਾ ਰਾਮ ਦੇ ਅੱਗੇ ਬੰਸੀ ਰਾਮ ,ਸਾਧੂ ਰਾਮ ,ਹਰੀ ਦਾਸ ,ਭਗਵਾਨ ਦਾਸ ਚੇਲੇ ਦਰ ਚੇਲੇ ਚੱਲੇ ਆਉਦੇ ਸਨ । ਭਗਵਾਨ ਦਾਸ ਦੇ ਅੱਗੇ ਦੋ ਪੁੱਤਰ ਹਨ ,ਜੋ ਪਿੰਡ ਵਿੱਚ ਰਹਿ ਰਹੇ ਹਨ।
ਪਹਿਲਾ ਪਿੰਡ ਵਿੱਚ ਇੱਕ ਕਿਲਾ ਹੁੰਦਾ ਸੀ, ਜੋ ਕੁਝ ਦਹਾਕੇ ਹੋਏ ਢਹਿ ਚੁੱਕਾ ਹੈ। ਉਸ ਦੇ ਨੇੜੇ ਹੀ ਇਕ ਖੂਹ ਹੁੰਦਾ ਸੀ, ਜੋ ਹੁਣ ਵੀ ਮੌਜੂਦ ਹੈ। ਪਿੰਡ ਦੇ ਲੋਕ ਇਸ ਖੂਹ ਤੋ ਪਾਣੀ ਭਰਦੇ ਸਨ। ਜਦ ਇਸਤਰੀਆਂ ਪਾਣੀ ਭਰਦੀਆਂ ਸਨ,ਤਾਂ ਜਗੀਰਦਾਰ ਦਾ ਮੁੰਡਾ ਉਹਨਾਂ ਨੂੰ ਕੋਝੀਆਂ ਹਰਕਤਾਂ ਕਰਦਾ ਸੀ, ਜਿਸ ਤੋ ਤੰਗ ਆ ਕੇ ਲੋਕਾਂ ਨੇ ਵੱਖਰਾ ਖੂਹ ਲਾ ਲਿਆ।ਇਸ ਨਵੇ ਖੂਹ ਲਈ ਪਾਣੀ ਭਰਨ ਲਈ ਪਿੰਡ ਦੇ ਦਰਵਾਜੇ ਵਿੱਚ ਦੀ ਲੰਘ ਕੇ ਜਾਣਾ ਪੈਦਾ ਸੀ। ਇਸ ਦਰਵਾਜੇ ਨੂੰ ਰੋਕਣ ਲਈ ਉਹ ਘਤਿੱਤੀ ਜਗੀਰਦਾਰ ਆਪਣਾ ਹਾਥੀ ਬੰਨਣ ਲੱਗ ਪਿਆ। ਲੋਕਾ ਨੇ ਦੁਖੀ ਹੋ ਕੇ ਆਪਣੇ ਦੁਖਾ ਦੀ ਕਹਾਣੀ ਪਿੰਡ ਦੇ ਫੌਜ਼ੀਆਂ ਨੂੰ ਦੱਸੀ,ਜਿੰਨਾ ਦੀ ਗਿਣਤੀ ਸੌ ਤੋ ਉਪਰ ਬਣਦੀ ਸੀ।
ਦੰਦ ਕਥਾ ਅਨੁਸਾਰ ਜਦ ਪਿੰਡ ਦੇ ਲੋਕਾਂ ਦਾ ਟਕਰਾਅ ਜਿਆਦਾ ਵਧ ਗਿਆ, ਤਾਂ ਪਿੰਡ ਦੇ ਲੋਕ ਮਹਾਰਾਜਾ ਪਟਿਆਲਾ ਦੀ ਰਾਣੀ ਕੋਲ ਗਏ ਜੋ ਕਿ ਸੇਖੋ ਗੋਤ ਦੀ ਸੀ। ਰਾਣੀ ਨੇ ਸੇਖੋਂ ਗੋਤ ਦੀ ਇੱਜਤ ਨੂੰ ਆਪਣੀ ਇੱਜ਼ਤ ਸਮਝ ਕੇ ਮਹਾਰਾਜਾ ਅੱਗੇ ਅਰਜ ਕਰ ਦਿੱਤੀ।ਮਹਾਰਾਜਾ ਨੇ ਪਿੰਡ ਦੇ ਫੌਜ਼ੀਆਂ ਤੇ ਲੋਕਾਂ ਨੂੰ ਜਗੀਰਦਾਰ ਵਿਰੁੱਧ ਸਖਤ ਰੁਖ ਅਪਣਾਉਣ ਲਈ ਕਹਿ ਦਿੱਤਾ, ਗੱਲ ਜਗੀਰਦਾਰ ਨੂੰ ਉਸ ਦੀ ਜ਼ਮੀਨ ਦੀ ਵਟਾਈ ਦੇਣ ਤੋ ਇਨਕਾਰੀ ਹੋਣ ਤੱਕ ਪਹੁੰਚ ਗਈ। ਇਹ ਝਗੜਾ ਵੱਧਦਾ ਵੱਧਦਾ ਅੰਗਰੇਜ਼ ਜੱਜ ਦੀ ਕਚਿਹਰੀ ਵਿੱਚ ਜਾ ਪੁੱਜਾ, ਫੈਸਲੇ ਵਿੱਚ ਜਗੀਰਦਾਰ ਦੀ ਵਟਾਈ ਤੋੜ ਦਿੱਤੀ ਗਈ ਤੇ ਮਾਮਲਾ ਨਿਯਤ ਕਰ ਦਿੱਤਾ ਗਿਆ।
ਮਹੰਤਾਂ ਤੋਂ ਗੁਰਦੁਆਰਿਆਂ ਨੂੰ ਆਜ਼ਾਦ ਕਰਾਉਣ ਦੀ ਲਹਿਰ ਵਿੱਚ ਵੀ ਇਸ ਪਿੰਢ ਦੀ ਸਮੂਲੀਅਤ ਮਿਲਦੀ ਹੈ। ਲਹੌਰਾ ਸਿੰਘ ਪੁੱਤਰ ਦੇਵਾ ਸਿੰਘ ਇਸ ਪਿੰਡ ਦਾ ਦੇਸ਼ ਭਗਤ ਹੋਇਆ ਹੈ ਜਿਸ ਨੇ ਅਕਾਲੀ ਤਹਿਰੀਕ ਵਿੱਚ ਪੂਰਾ ਹਿੱਸਾ ਪਾਇਆ। ਇਸ ਲਹਿਰ ਦੇ ਸਮੇਂ ਲਹੌਰਾ ਸਿੰਘ ਨੂੰ ਗਿੱਲ ਪਿੰਡ ਵਿੱਚ ਦੀਵਾਨ ਦੀ ਪ੍ਰਧਾਨਗੀ ਕਰਨ ਬਦਲੇ 3 ਮਹੀਨੇ ਜ਼ੇਲ ਜਾਣਾ ਪਿਆ। ਹੇਰਾਂ ਪਿੰਡ ਦੇ ਗੁਰੁਦੁਆਰੇ ਨੂੰ ਅਜ਼ਾਦ ਕਰਵਾਉਣ ਲਈ ਮਹੰਤ ਦੀ ਕੁਟਮਾਰ ਕੀਤੀ, ਜਿਸ ਕਾਰਣ ਇੰਨਾ ਨੂੰ ਡੇਢ ਸਾਲ ਕੈਦ ਦੀ ਸਜ਼ਾ ਹੋਈ, ਜੋ ਕਿ ਉਨਾਂ ਨੇ ਮੁਲਤਾਨ ਸੈਂਟਰਲ ਜ਼ੇਲ ਵਿੱਚ ਕੱਟੀ।
ਸੰਤ ਨਿਧਾਨ ਸਿੰਘ ਪਿੰਡ ਦੀ ਮੰਨੀ ਪ੍ਰਮੰਨੀ ਸ਼ਖਸੀਅਤ ਸਨ।ਇਹ ਮੋਰਚਾ ਸੰਗਰੂਰ ਵਿੱਚ ਜਥੇ ਦੇ ਜਥੇਦਾਰ ਸਨ ਤੇ ਕਈ ਦਿਨ ਹਵਾਲਾਤ ਬੰਦ ਰਹੇ।ਉਨਾਂ ਨੇ ਜੈਤੋ ਅਤੇ ਫੇਰੂ ਦੇ ਮੋਰਚਿਆਂ ਵਿੱਚ ਭਾਗ ਲਿਆ। ਇਨਾਂ ਦਾ ਜਨਮ ਪਿੰਡ ਨਿਹਾਲ ਸਿੰਘ ਵਾਲਾ ਵਿਖੇ ਇੱਕ ਬ੍ਰਾਹਮਣ ਦੇ ਘਰ ਹੋਇਆ। ਘਰ ਤੋਂ ਉਪਰਾਮ ਹੋ ਕੇ ਸੰਤ ਨਰੈਣ ਸਿੰਘ ਭੋਤਨਾ ਦੀ ਸੇਵਾ ਵਿੱਚ ਲੱਗ ਗਏ, ਮੁੜ ਪਿੰਡ ਨਾ ਗਏ।ਇਹ ਧਾਰਮਿਕ ਸੋਚ ਵਾਲੇ ਚੰਗੇ ਵਿਦਵਾਨ ਸਨ। ਇਹ ਜਲਾਵਤਨਾਂ ਦੀ ਸੇਵਾ ਕਰਦੇ ਰਹੇ ਅਤੇ ਸੰਗਰੂਰ ਮੋਰਚੇ ਵਿੱਚ 100 ਸਿੰਘਾਂ ਦਾ ਜਥਾ ਲੈ ਕੇ ਗਏ।
ਪੰਜਾਬ ਵਿੱਚ ਚੱਲੀ ਨਕਸਲੀ ਲੀਹਰ ਦੇ ਵਿਚਾਰਾਂ ਨੇ ਵੀ ਇਸ ਪਿੰਡ ਦੀ ਜਵਾਨੀ ਨੂੰ ਕੀਲਿਆ, ਅਤੇ ਪਿੰਡ ਵਿੱਚ ਨੌਜਵਾਨ ਭਾਰਤ ਸਭਾ ਬਣਾਈ ਗਈ। ਇਸ ਸਭਾ ਦਾ ਮੁੱਖ ਕੰਮ ਨਾਟਕ ਕਰਵਾਉਣੇ, ਮੈਡੀਕਲ ਕੈਂਪ ਲਾਉਣੇ ,ਪਿੰਡ ਦੀ ਸਫਾਈ ਤੇ ਬੇਇਨਸਾਫੀ ਖਿਲਾਫ ਬਣਦਾ ਹਿੱਸਾ ਪਾਉਣਾ ਰਿਹਾ ਹੈ ਪੰਜਾਬ ਦੀ ਵਿਦਿਆਰਥੀ ਲਹਿਰ ਦੇ ਮਹਿਬੂਬ ਨੇਤਾ ਪ੍ਰਿਥੀਪਾਲ ਸਿੰਘ ਰੰਧਾਵੇ ਦੇ ਕਤਲ ਤੋਂ ਬਾਅਦ ਪੰਜਾਬ ਦੀ ਸਭ ਤੋਂ ਵੱਡੀ ਕਨਵੈਨਸ਼ਨ ਇਸ ਸਭਾ ਨੇ ਕਰਵਾਈ , ਜਿਸ ਤੋਂ ਪ੍ਰਭਾਵਿਤ ਹੋ ਕੇ ਨਾਟਕਕਾਰ ਗੁਰਸ਼ਰਨ ਸ਼ਿੰਘ ਨੇ ਆਪਣੇ ਪੇਪਰ ਵਿੱਚ ਵਿਸ਼ੇਸ ਟਿਪਣੀ ਛਾਪੀ ।ਹਰਭਜਨ ਸਿੰਘ ,ਜਸਵੰਤ ਸ਼ਿੰਘ, ਹਰਦੇਵ ਸਿੰਘ ਤੇ ਨਿਰਮਲ ਸਿੰਘ ਸਭਾ ਦੇ ਸਰਗਰਮ ਮੈਂਬਰ ਸਨ

ਜਰਨੈਲ ਸਿੰਘ ਅੱਚਰਵਾਲ ' ਨਵਾਂ ਜਮਾਨਾਂ ਵਿੱਚੋਂ ਧੰਨਵਾਦ ਸਹਿਤ'