ਮੈ ਕਲਾਕਾਰ ਕਿਸਮ ਦੇ ਦੋ ਪੁਲਿਸ ਚਰਿਤਰ ਪਾਠਕਾਂ ਨਾਲ ਸਾਂਝੇ ਕਰਨ ਲੱਗਾਂ ਹਾਂ, ਇੰਨਾ ਵਿੱਚ ਇਕ ਹੈ ਬਠਿੰਡੇ ਦਾ ਨੌਜਵਾਨ ਐਸ ਐਸ ਪੀ ਕਪਿਲ ਦੇਵ ਜਿਸ ਨੇ ਪੁਲਿਸ ਵਾਲੀ ਵਰਦੀ ਵਿੱਚ ਹੁੰਦੇ ਹੋਇਆਂ ਆਪਣੀ ਮਹਿਕ ਚਾਰੋਂ ਪਾਸੀਂ ਫੈਲਾਈ ਹੋਈ ਹੈ।ਉਸ ਨਾਲ ਮੇਰਾ ਕੋਈ ਖਾਸ ਵਾਹ ਵਾਸਤਾ ਨਹੀਂ। ਇਕ ਸਮਾਗਮ ਵਿੱਚ ਮਿਲੇ ਸਾਂ ਅਤੇ ਸਿਰਫ ਪੰਦਰਾਂ ਕੁ ਮਿੰਟ ਲਈ ਉਸਦੇ ਘਰ।ਇੰਡੀਅਨ ਫਾਰਨ ਸੇਵਾ ਵਿੱਚੋਂ ਸੇਵਾ ਮੁਕਤ ਦਿੱਲੀ ਨਿਵਾਸੀ ਬਾਲ ਅਨੰਦ ਜੀ ਮੇਰੇ ਸੁਹਿਰਦ ਪਾਠਕ ਹਨਂ, ਕਪਿਲ ਦੇਵ ਉਹਨਾਂ ਦਾ ਸਬੰਧੀ ਹੈ। ਦੂਜੀ ਗੱਲ ਮੇਰੇ ਇੱਕ ਹੋਰ ਮਿੱਤਰ ਕਹਾਣੀ ਲੇਖਕ ਬਲਵੀਰ ਮਾਧੋਪੁਰੀ ਦੇ ਉਹ ਮਾਮੇ ਦਾ ਪੁੱਤ ਹੈ। ਇੰਨਾ ਕੁਝ ਹੋਣ ਦੇ ਬਾਵਜੂਦ ਵੀ ਮੈਂ ਉਸਦੇ ਬਹੁਤਾ ਨੇੜੇ ਹੋ ਕੇ ਨਹੀਂ ਵੇਖਿਆ।ਜਿਸ ਦਿਨ ਮੈਂ ਕਪਿਲ ਦੇਵ ਦੇ ਘਰ ਸਰਸਰੀ ਸੁਨੇਹੇਂ ਤੇ ਮਿਲਣ ਗਿਆ ਤਾਂ ਉਸਦੇ ਘਰ ਕਲਾਕਾਰਾਂ ਦਾ ਆਉਣਾ ਜਾਣਾ ਲੱਗਾ ਹੋਇਆ ਸੀ। ਕੋਈ ਦਿੱਲੀ ਤੋਂ ਤੇ ਕੋਈ ਪੰਜਾਬ ਤੋਂ,ਕਪਿਲ ਦੇਵ ਮੈਨੂੰ ਇਉਂ ਮਿਲਿਆ ਜਿਵੇਂ ਆਪਣਾਂ ਹੀ ਕੋਈ ਬੇਟਾ ਹੋਵੇ । ਕਪਿਲ ਦੇਵ ਕਲਾਸੀਕਲ ਸੰਗੀਤ ਦਾ ਸ਼ੈਦਾਈ ਹੈ। ਆਪ ਕਲਾਕਾਰ ਹੈ ਤੇ ਕਲਾਕਾਰਾਂ ਦਾ ਪਾਰਖੂ ਤੇ ਕਦਰਦਾਨ। ਉਹ ਸਾਹਿਤ ਨੂੰ ਵੀ ਆਪਣੀ ਕਲਾ ਦੇ ਘੇਰੇ ਵਿੱਚ ਰੱਖਦਾ ਹੈ।
ਦੂਜਾ ਚਰਿਤਰ ਪਿੰਡ ਭੋਤਨਾ ਜਿਲਾ ਬਰਨਾਲਾ ਦਾ ਰਹਿਣ ਵਾਲਾ ਬਰਨਾਲਾ ਪੁਲਿਸ ਦਾ ਕਰਮਚਾਰੀ ਹੌਲਦਾਰ ਮੱਖਣ ਸਿੰਘ ਹੈ।ਪਿਛਲੇ ਦਿਨੀਂ ਉਥੋਂ ਦੇ ਨੌਜਵਾਨਾਂ ਨੇ ਸ਼ਹੀਦ ਭਗਤ ਸਿੰਘ ਯਾਦਗ੍ਰਾਰੀ ਲਾਇਬਰੇਰੀ ਦਾ ਵਿਸ਼ੇਸ ਸਮਾਗਮ ਕਰਵਾਇਆ ਸੀ , ਮੱਖਣ ਸਿੰਘ ਇਸ ਦੇ ਸੰਸਥਾਪਕਾਂ ਵਿਚੋਂ ਮੋਹਰੀ ਹੈ।ਸਮਾਗਮ ਦੀ ਸਮਾਪਤੀ ਤੋਂ ਬਾਅਦ ਉਹ ਮੈਨੂੰ ਆਪਣੇ ਘਰ ਲੈ ਗਿਆ।ਕਲਾ ਨਾਲ ਸ਼ਿੰਗਾਰੀ ਉਸ ਦੀ ਮਹਿਲ ਵਰਗੀ ਕੋਠੀ ਵਿਚ ਵੜਦਿਆਂ ਇਕ ਵਾਰ ਤੇ ‘ਕਿੱਥੇ ਆ ਵੜੇ ਦਾ ਅਹਿਸਾਸ ਹੋਇਆ ਪਰ ਫੇਰ ਕੁਝ ਹੋਰ ਹੀ ਰੰਗ ਉਘੜਣੇ ਆਰੰਭ ਹੋਏ ਤਾਂ ਮੱਖਣ ਸਿੰਘ ਦੇ ਅੰਦਰ ਛੁਪਿਆ ਇੱਕ ਵਧੀਆ ਕਲਾਕਾਰ ਮੇਰੇ ਰੂਬਰੂ ਸੀ ਉਹ ਦੇਸ਼ ਦੀ ਅਜ਼ਾਦੀ ਦੇ ਪਰਵਾਨਿਆਂ ਅੱਗੇ ਨਤਮਸਤਕ ਹੈ। ਬੜੀ ਹੀ ਕਲਾ ਨਾਲ ਉਸ ਨੇ ਦੇਸ਼ ਭਗਤਾਂ ਤੇ ਦੇਸ਼ ਦੀ ਉਸਾਰੀ ਵਿੱਚ ਹਿੱਸਾ ਪਾਉਣ ਵਾਲੇ ਯੋਧਿਆਂ ਦੀਆਂ ਤਸਵ੍ਰੀਰਾਂ ਇਕ ਚਿਤਰਪੱਟ ਤੇ ਜੋੜ ਕੇ ਵਿਲੱਖਣ ਨਮੂਨਾ ਪੇਸ਼ ਕੀਤਾ ਹੋਇਆ ਸੀ । ਉਸ ਦੀ ਨਿਜੀ ਲਾਇਬਰੇਰੀ ਵਿੱਚ ਸੈਕੜੇ ਉਚ ਪਾਏ ਦੀਆਂ ਪੁਸਤਕਾਂ ਪਈਆਂ ਹਨ। ਇਹ ਪੁਸਤਕਾਂ ਕੋਈ ਸ਼ੋਅ ਪੀਸ਼ ਨਹੀਂ ਤਕਰੀਬਨ ਸਾਰੀਆਂ ਉਸ ਨੇ ਪੜੀਆਂ ਹੋਈਆਂ ਹਨ। ਪਿੰਡ ਦੇ ਬਾਬੇ ਪਰਿਵਾਰ ਵਿੱਚ ਪੈਦਾ ਹੋਇਆ ਮੱਖਣ ਸੱਚਮੁਚ ਇਕ ਮਾਡਲ ਹੈ।ਉਸ ਨੇ ਆਮ ਵਾਕਫੀਅਤ ਲਈ ਢੇਰਾਂ ਦੇ ਢੇਰ ਖੋਜ ਕਾਰਜ ਕੀਤਾ ਹੋਇਆ ਹੈ । ਸਮਾਜ ਸ਼ਾਸਤਰ, ਰਾਜਨੀਤੀ,ਵਿਗਿਆਨ, ਗੁਰਬਾਣੀ ਗੱਲ ਕੀ ਉਸ ਨੇ ਕੋਈ ਵਿਛਾ ਛੱਡਿਆ ਹੀ ਨਹੀਂ ਜਿਸ ਉਪਰ ਕੰਮ ਨਾ ਕੀਤਾ ਹੋਵੇ । ਨਿਸਚੇ ਹੀ ਸਾਨੂੰ ਇਹੋ ਜਿਹੇ ਚਰਿਤਰਾਂ ਤੇ ਫ਼ਖਰ ਹੈ।
ਅਤਰਜੀਤ
ਪੰਜਾਬੀ ਟ੍ਰਿਬਿਊਨ ਵਿੱਚੋਂ ਧੰਨਵਾਦ ਸਹਿਤ