Wednesday, August 10, 2011

ਧੀ ਦਾ ਤਰਲਾ..

ਉਂਡ ਲੈਣ ਦੇ ਹਾੜਾਂ ਮੈਨੂੰ, ਨਾ ਪਰਾਂ ਨੂੰ ਕੱਟ ਨੀ ਮਾਏ।
ਮੇਰੇ ਬਾਰੇ ਸੁਣ ਕੇ ਪਾਇਆ, ਕਿਉਂ ਮੱਥੇ ‘ਤੇ ਵੱਟ ਨੀ ਮਾਏ।
ਨਿੱਕੀ ਜਿੰਨੀ ਹਾਲੇ ਤਾਂ ਉਡਾਰ ਮੇਰੀ ਅੰਮੀਏ।
ਨੀ ਕੁੱਖ ‘ਚ ਨਾ ਜਿਉਂਦੀ ਨੂੰ ਤੂੰ ਮਾਰ ਮੇਰੀ ਅੰਮੀਏ।

ਤੈਨੂੰ ਵੀ ਤਾਂ ਜੰਮਿਆ ਸੀ, ਮੇਰੇ ਨਾਨੀ ਨਾਨੇ ਨੇ।
ਮਾਰ ਮੁਕਾਈਆਂ ਧੀਆਂ, ਚੰਦਰੇ ਜ਼ਮਾਨੇ ਨੇ।
ਧੀਆਂ ਨਾਲ ਵਸੇ ਸੰਸਾਰ ਮੇਰੀ ਅੰਮੀਏ।
ਨੀ ਕੁੱਖ ‘ਚ ਨਾ ਜਿਉਂਦੀ ਨੂੰ ਤੂੰ ਮਾਰ ਮੇਰੀ ਅੰਮੀਏ।

ਭੈਣਾਂ ਬਾਝੋਂ ਵੀਰਾਂ ਦੀਆਂ ਗਾਊ ਕੌਣ ਘੋੜੀਆਂ ?
ਧੀਆਂ ਦੀਆਂ ਕਾਹਤੋਂ ਨਹੀਂ ਮਨਾਉਂਦੇ ਲੋਕੀਂ ਲੋਹੜੀਆਂ।
ਧੀ ਹੋ ਕੇ ਧੀ ਨਾਲ ਖਾਵੇਂ,ਖਾਰ ਮੇਰੀ ਅੰਮੀਏ।
ਨੀ ਕੁੱਖ ‘ਚ ਨਾ ਜਿਉਂਦੀ ਨੂੰ ਤੂੰ ਮਾਰ ਮੇਰੀ ਅੰਮੀਏ।

ਜੀਅ ਲੈਣ ਦੇ ਤੂੰ ਮੈਨੂੰ, ਕਰਾਂ ਫ਼ਰਿਆਦ ਮੈਂ।
ਪੜ੍ਹ-ਲਿਖ ਅੰਬਰਾਂ ‘ਤੇ ਚਾੜੂੰਗੀ ਜਹਾਜ਼ ਮੈਂ।
ਤੇਰੇ ਉਂਤੇ ਬਣੂੰਗੀ ਨਾ, ਭਾਰ ਮੇਰੀ ਅੰਮੀਏ।
ਨੀ ਕੁੱਖ ‘ਚ ਨਾ ਜਿਉਂਦੀ ਨੂੰ ਤੂੰ ਮਾਰ ਮੇਰੀ ਅੰਮੀਏ।

ਮੋਢੇ ਨਾਲ ਲਾਕੇ ਮੋਢਾ, ਦੁੱਖੜੇ ਵੰਡਾਵਾਂਗੀ।
ਪੁੱਤਾਂ ਵਾਂਗੂੰ ਮਾਏ ਤੇਰਾ,ਘਰ ਨਾ ਵੰਡਾਵਾਂਗੀ।
ਪੁੱਤ ਬੁੱਢੇ ਬਾਰੇ ਲੈਂਦੇ, ਨਹੀਂਓ ਸਾਰ ਮੇਰੀ ਅੰਮੀਏ।
ਨੀ ਕੁੱਖ ‘ਚ ਨਾ ਜਿਉਂਦੀ ਨੂੰ ਤੂੰ ਮਾਰ ਮੇਰੀ ਅੰਮੀਏ।

ਕੁੱਖਾਂ ਵਿਚਲੀਆਂ ਧੀਆਂ, ਪਾਉਂਦੀਆਂ ਦੁਹਾਈ ਨੀ।
ਪੈਸੇ ਪਿੱਛੇ ਡਾਕਦਾਰ, ਬਣ ਗਏ ਕਸਾਈ ਨੀ।
ਹੱਥਾਂ ਵਿੱਚ ਫੜੇ ਹਥਿਆਰ ਮੇਰੀ ਅੰਮੀਏ।
ਨੀ ਕੁੱਖ ‘ਚ ਨਾ ਜਿਉਂਦੀ ਨੂੰ ਤੂੰ ਮਾਰ ਮੇਰੀ ਅੰਮੀਏ।

ਕਰਮਜੀਤ ਜੱਗੀ ਭੋਤਨਾ

Tuesday, July 26, 2011

ਰੋਜਾਨਾ ਅਜੀਤ ਵਿੱਚ ਵੈਬਸਾਈਟ ਦੀ ਪ੍ਸੰਸਾ





17 ਜੁਲਾਈ 2011 ਦੇ ਰੋਜਾਨਾ ਅਜੀਤ ਦੇ ਐਤਵਾਰੀ ਮੈਗਜੀਨ ਵਿੱਚ ਪੰਜਾਬੀ ਕੰਪਿਊਟਰ ਬਾਰੇ ਕਾਲਮ ਲਿਖਣ ਵਾਲੇ ਅਤੇ ਕੰਪਿਊਟਰ ਬਾਰੇ ਬਹੁਤ ਸਾਰੀਆਂ ਕਿਤਾਬਾਂ ਦੇ ਲੇਖਕ ਸ੍ਰੀ ਸੀ. ਪੀ ਕੰਬੋਜ ਜੀ ਨੇ ਸਾਡੇ ਪਿੰਡ ਦੀ ਵੈਬਸਾਈਟ ਬਾਰੇ ਆਪਣੇ ਕਾਲਮ ਵਿੱਚ ਲਿਖਿਆ।

ਨਾਵਲਕਾਰ ਮਿੱਤਰ ਸੈਨ ਮੀਤ ਦਾ ਸਨਮਾਨ


ਮਾਲਵਾ ਸਾਹਿਤ ਸਭਾ ਬਰਨਾਲਾ ਦੇ ਮੀਤ ਪ੍ਰਧਾਨ ਡਾ ਜਸਵੰਤ ਸਿੰਘ ਸੇਖੋਂ ਭੋਤਨਾ ਦੇ ਪੋਤਰੇ ਸਾਹਿਲਦੀਪ ਦੀ ਪਹਿਲੀ ਲੋਹੜੀ ਇਕ ਸਾਹਿਤਕ ਸਮਾਗਮ ਕਰਵਾ ਕੇ ਮਨਾਈ ਗਈ । ਇਸ ਸਮੇ ਆਪਣੀ ਪ੍ਰੰਪਰਾ ਨੂੰ ਕਾਇਮ ਰੱਖਦੇ ਹੋਏ ਪਿੰਡ ਭੋਤਨੇ ਜਨਮੇ ਨਾਵਲਕਾਰ ਮਿੱਤਰ ਸੈਨ ਮੀਤ ੳਤੇ ਉਹਨਾ ਦੀ ਧਰਮ ਪਤਨੀ ਨੂੰ ਸਨਮਾਨਿਤ ਕੀਤਾ ਗਿਆ। ਮਿਤਰ ਸੈਨ ਮੀਤ ਜੀ ਪੰਜਾਬੀ ਦੇ ਪ੍ਰਸਿੱਧ ਨਾਵਲਕਾਰ ਹਨ ਜਿੰਨਾਂ ਨੇ ਪੰਜਾਬੀ ਪਾਠਕਾਂ ਨੂੰ ਤਫਤੀਸ਼, ਸੁਧਾਰ ਘਰ, ਕਟਹਿਰਾ ਅਤੇ ਹੋਰ ਬਹੁਤ ਸਾਰੇ ਨਾਵਲ ਦਿੱਤੇ ਹਨ। ਇਸ ਮੌਕੇ ਉਹਨਾਂ ਨੂੰ 5100 ਰੁਪਏ, ਲੋਈ, ਸਨਮਾਨ ਪੱਤਰ ੳਤੇ ਸਨਮਾਨ ਚਿੰਨ ਭੇਟ ਕੀਤਾ ਗਿਆ । ਜਸਵੰਤ ਸਿੰਘ ਜੀ ਦੇ ਪ੍ਰਵਾਰ ਵੱਲੋ ਆਪਣੇ ਪੁੱਤਰ ਅਮਨਦੀਪ ਦੇ ਵਿਆਹ ਮੌਕੇ ਵੀ ਕਵੀ ਸੁਰਜੀਤ ਪਾਤਰ ਜੀ ਦਾ ਸਨਮਾਨ ਕੀਤਾ ਗਿਆ ਸੀ। ਆਸ ਕਰਦੇ ਹਾਂ ਕਿ ਇਹ ਪਰੰਪਰਾ ਹਰ ਖੁਸੀ ਸਮੇ ਹੋਰ ਵੀ ਅੱਗੇ ਵਧਦੀ ਰਹੇ।

Tuesday, June 14, 2011

ਵਿਗਿਆਨ ਮੁਕਾਬਲਿਆਂ ‘ਚ ਭੋਤਨਾ ਸਕੂਲ

ਰਾਸ਼ਟਰੀ ਸਿੱਖਿਆ ਖੋਜ ਅਤੇ ਸਿਖਲਾਈ ਸੰਸਥਾ ਨਵੀਂ ਦਿੱਲੀ ਅਤੇ ਡਿਪਟੀ ਡਾਇਰੈਕਟਰ ਪੰਜਾਬ ਰਾਜ ਸਾਇੰਸ ਸਿੱਖਿਆ ਸੰਸਥਾ ਚੰਡੀਗੜ੍ਹ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹਾ ਪੱਧਰੀ ਵਿਗਿਆਨ ਪ੍ਰਦਰਸ਼ਨੀ ਅਤੇ ਵਿਗਿਆਨ ਮੁਕਾਬਲੇ ਕਰਾਏ ਗਏ।
ਵੱਖ-ਵੱਖ ਮੁਕਾਬਲਿਆਂ ‘ਚ ਸਰਕਾਰੀ ਹਾਈ ਸਕੂਲ ਭੋਤਨਾ ਦੇ ਮੁੱਖ ਅਧਿਆਪਕ ਰਣਜੀਤ ਸਿੰਘ ਅਤੇ ਅਨੀਤਾ ਗਰਗ ਦੀ ਦੇਖ-ਰੇਖ ਹੇਠ 20 ਵਿਦਿਆਰਥੀਆਂ ਨੇ ਭਾਗ ਲੈ ਕੇ ਵਧੀਆ ਪੁਜ਼ੀਸ਼ਨਾਂ ਹਾਸਲ ਕੀਤੀਆਂ। ਦਸਵੀਂ ਕਲਾਸ ਦੀ ਅਮਰਜੀਤ ਕੌਰ ਨੇ ਪ੍ਰਾਜੈਕਟ ਜੈਵ-ਵਿਭਿੰਨਤਾ ਸੰਭਾਲ ਵਿਸ਼ੇ ‘ਤੇ ਪਹਿਲਾ ਸਥਾਨ ਪ੍ਰਾਪਤ ਕੀਤਾ। ਨੌਵੀਂ ਕਲਾਸ ਦੇ ਗਗਨਦੀਪ ਸਿੰਘ ਨੇ ਕਲਾਸ ਪ੍ਰਾਜੈਕਟ ਹਰੀ ਊਰਜਾ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ। ਵੀਰਪਾਲ ਕੌਰ ਨੇ ਪ੍ਰਾਜੈਕਟ ਗਣਿਤਿਕ ਪ੍ਰਤੀਰੂਣ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ।
ਬਰਜਿੰਦਰ ਕੌਰ ਅਤੇ ਸਾਥਣਾਂ ਨੇ ਵਿਗਿਆਨ ਡਰਾਮਾ ”ਸਮਾਜ ਲਈ ਵਿਗਿਆਨ” ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ। ਗਗਨਦੀਪ ਸਿੰਘ ਅਤੇ ਸਾਥੀ ਰੋਲ ਪਲੇਅ ”ਨਸ਼ਿਆਂ ਦੇ ਬੁਰੇ ਪ੍ਰਭਾਵ” ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ।
ਵਰਨਣਯੋਗ ਹੈ ਕਿ ਵਿਦਿਆਰਥੀਆਂ ਨੇ ਇਹ ਮੁਕਾਬਲੇ ਮਾਡਲਾਂ, ਚਾਰਟਾਂ, ਪ੍ਰਸ਼ਨ-ਉਤਰ ਰਾਹੀਂ ਵਧੀਆ ਅਤੇ ਪ੍ਰਭਾਵਸ਼ਾਲੀ ਪੇਸ਼ਕਾਰੀ ਕਰਕੇ ਜਿੱਤੇ। ਜੇਤੂ ਵਿਦਿਆਰਥੀਆਂ ਨੂੰ ਸਕੂਲ ਦੇ ਮੁੱਖ ਅਧਿਆਪਕ ਅਤੇ ਸਮੂਹ ਸਟਾਫ ਨੇ ਸਨਮਾਨਤ ਕੀਤਾ।